Sunday, August 22, 2010

……………..'ਤੇ ਸਿਵਾ ਬਲ਼ਦਾ ਗਿਆ

***************************************

- ਹੌਬੀ ਧਾਲੀਵਾਲ

ਮੇਰਾ ਆਪਣਾ ਸੁਭਾਅ ਹੈ ਕਿ ਮੈਂ ਟੈਲੀਵੀਜ਼ਨ ਤੇ ਖ਼ਬਰਾਂ ਨਹੀ ਵੇਖਦਾ ਕਿਉਂਕਿ ਸਵੇਰ ਨੂੰ ਮੇਰੀ ਕੰਧ ਤੇ ਪਏ ਅਖ਼ਬਾਰ ਚੁੱਕ ਕੇ ਪੜ੍ਹਨ ਦੀ ਪੁਰਾਣੀ ਅਤੇ ਚੰਦਰੀ ਆਦਤ ਹੈ । ਕੁੱਝ ਦਿਨ ਪਹਿਲਾਂ ਆਦਤ ਤੋਂ ਮਜ਼ਬੂਰ, ਕਣੀਆਂ ਵਿੱਚ ਭਿੱਜੇ ਅਖ਼ਬਾਰ ਚੁੱਕੇ , ਅਜੀਤ ਨੂੰ ਖੋਲ੍ਹਿਆ ਤੇ ਖ਼ਬਰ ਪੜ੍ਹੀ , ਕੌਮਾਂਤਰੀ ਖਿਡਾਰੀ 'ਬਲਵਿੰਦਰ ਸਿੰਘ ਭੀਮਾ ਸਹੇੜੀ ਵਾਲਾ' ਨਹੀਂ ਰਿਹਾ । ਇੱਕ ਦਮ ਅੱਖਾਂ ਚੁੰਦਇਆ ਗਈਆਂ , ਹੋਸ਼ ਉੱਡ ਗਏ, ਪੈਰਾਂ ਹੋਠੋਂ ਮਿੱਟੀ ਖਿਸਕਣੀ ਸ਼ੁਰੂ ਹੋ ਗਈ ਅਤੇ ਸੋਚ ਆਈ ..

ਕਿਹੜਾ ਭੀਮਾ .ਓਹੀ ਜਿਹੜਾ ਹੱਸਦਾ ਰਹਿੰਦੈ ?

ਓਹੀ ਭੀਮਾ , ਜਿਹੜਾ ਸਹੇੜੀ ਪਿੰਡ ਦੇ ਹਰ ਦੁੱਖ਼ੀ ਬੰਦੇ ਦਾ , ਦੁੱਖ਼ ਵੰਡਣ ਨੂੰ ਤਿਆਰ ਰਹਿੰਦੈ , ਓਹੀ ਭੀਮਾਂ ਜਿਹੜਾ ਜੁਆਕਾਂ ਨਾਲ ਗੋਲੀਆ ਖੇਡਦੈ ਅਤੇ ਜਵਾਨਾਂ ਦੇ ਨਾਲ ਕਬੱਡੀਆਂ ਪਾਉਂਦਾ, ਉਮਰਾਨੰਗਲ ਖੇਡ ਮੇਲੇ ਵਿੱਚ ਸਾਰਿਆ ਦਾ ਮੋਹਰੀ ਬਣਕੇ ਉਹਨਾਂ ਨੂੰ ਖਿਡਾਉਂਦੈ ।

ਯਾਰਾਂ ਬੇਲੀਆਂ 'ਚ ਬਹਿ ਠਹਾਕੇ ਮਾਰਦੈ ।

ਭੱਜ ਕੇ ਫੋਨ ਚੁੱਕਿਆ , ਯਾਰਾਂ ਦੋਸਤਾਂ ਤੋਂ ਪੁੱਛਿਆ ਤੇ ਵਹਿਮ ਦੂਰ ਹੋ ਗਿਆ ਕਿ ਹਾਂ :

ਸਾਡਾ ਯਾਰ ਭੀਮਾ , ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਐ ।

ਚੂੰ ਕਿ ਭੀਮੇ ਦੇ ਮਾਪੇ ਬਾਹਰਲੇ ਮੁਲਕ ਵਿੱਚ ਜਾ ਵਸੇ ਹੋਏ ਹਨ ਸੋ ਸਸਕਾਰ ਕੁੱਝ ਦਿਨ ਰੁੱਕ ਕੇ ਹੋਣਾ ਸੀ । ਯਾਰਾਂ ਨਾਲ ਭੀਮੇ ਦੀਆਂ ਹੀ ਗੱਲਾਂ ਕਰਦਿਆਂ ਤਿੰਨ ਦਿਨ ਲੰਘ ਗਏ । ਅੱਜ ਭੀਮੇ ਦੇ ਸਸਕਾਰ ਦਾ ਦਿਨ ਸੀ । ਮੁਰਿੰਡੇ ਸ਼ਹਿਰ ਦੀ ਕੁੱਛੜ ਵਿੱਚ ਵਿੱਚ ਵੱਸਿਆ ਪਿੰਡ ਸਹੇੜੀ , ਦੋ ਕੁ ਵਜੇ ਦਾ ਵਾਕਿਆ ਤੇ ਭੀਮੇ ਦੇ ਘਰ ਦਾ ਗੁਆਂਢ , ਰੋਣ ਕੁਰਲਾਉਣ ਤੋਂ ਬਾਅਦ ਜਦੋਂ ਗੁਆਂਢ ਦੇ ਘਰੋਂ ਇੱਕ ਬੰਦਾ ਪਾਣੀ ਪਿਲਾਉਣ ਲਈ ਆਇਆ ,ਧਾਹੀਂ ਰੋ ਕੇ ਆਖਣ ਲੱਗਿਆ ਕਿ

'ਵੀਰ ਜੀ ਮੈਨੂੰ ਇਹ ਤਾਂ ਦੱਸ ਦੇਵੋ ਕਿ ਸਾਡੇ ਪਿੰਡ ਨੂੰ ਲੋਕੀ , ਹੁਣ ਵੀ ਗੰਗੂ ਵਾਲੀ ਸਹੇੜੀ ਆਖ ਕੇ ਦੁਰਕਾਰਨਗੇ ਜਾਂ ਭੀਮੇ ਵਾਲੀ ਸਹੇੜੀ ਆਖ ਕੇ ਪਿਆਰ ਕਰਨਗੇ ?'

ਭੀਮੇ ਨੂੰ ਕਾਨੀਆਂ ਨੇ ਮੋਢੇ ਚੁੱਕਿਆ ਤੇ ਸੰਨਨਾਟੇ ਦੇ ਵਿੱਚੋਂ ਦੀ ਲੈ ਤੁਰੇ । ਭੀਮਾ ਜਿੱਥੋਂ ਜਿੱਥੋਂ ਨਿਕਲਿਆ, ਹਰ ਘਰ ਦੀਆਂ ਔਰਤਾਂ , ਬੱਚੇ-ਬੱਚੀਆਂ ਆਪਣੇ ਘਰ ਦੇ ਬੂਹੇ ਤੇ ਖੜੀਆਂ ਰੋ ਰਹੀਆ ਸੀ । ਉਹਨਾਂ ਦੇ ਰੋਣ ਵਿੱਚ ਇੱਕ ਚੁੱਪ ਸੀ ਕਿ ਸਿਰਫ਼ ਸਿਸਕੀਆਂ ਹੀ ਸੁਣਦੀਆਂ ਸਨ , ਕਾਂ – ਪੰਛੀ , ਕੁੱਤੇ , ਜੀਵ- ਜੰਤੂ ਸਭ ਪਾਸੇ ਚੁੱਪ ।

'ਜਨਾਜੇ ਦੇ ਵਿੱਚ ਜਾਣ ਵਾਲੇ ਲੋਕੀ ਵੀ ਚੁੱਪ'



ਪਿੰਡੋਂ ਬਾਹਰ ਵਾਰ ਨਿਕਲੇ ,ਇਹ ਨਜ਼ਾਰਾ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਕਿਉਂਕਿ ਜਾਂ ਕੋਈ ਮਹਾਪੁਰਸ਼ , ਜਾਂ ਕੋਈ ਵੱਡਾ ਅਫ਼ਸਰ , ਜਾਂ ਕੋਈ ਵੱਡਾ ਲੀਡਰ ਨਿਕਲਦਾ ਹੋਵੇ ਤਾਂ ਸੜਕਾਂ , ਰਾਸਤੇ ਬੰਦ ਕੀਤੀਆਂ ਜਾਂਦੀਆਂ ਨੇ ਪਰੰਤੂ ਭੀਮੇ ਕਰਕੇ ਲੋਕ ਆਪ ਮੁਹਾਰੇ ਰੁੱਕ ਗਏ ਸੀ ,

      ਭੀਮੇ ਨਾਲ ਏਨਾ ਪਿਆਰ ! ਕਿ ਜਦੋਂ ਪਿੰਡੋਂ ਬਾਹਰ ਨਿਕਲਕੇ ਜਦ ਪਿੰਡ ਵੱਲ ਝਾਤ ਮਾਰੀ ਤਾਂ ਕੋਈ ਵੀ ਕੋਠਾ ਖਾਲੀ ਨਹੀਂ ਸੀ । ਸਭ ਘਰਾਂ ਦੀਆਂ ਛੱਤਾਂ ਦੇ ਉੱਤੇ ਬੀਬੀਆਂ ਆਪਣੇ ਪਿੰਡ ਦੇ ਏਸ ਹੀਰੇ ਨੂੰ ਆਖਰੀ ਵਾਰ ਵੇਖ ਰਹੀਆਂ ਸਨ ਅਤੇ ਸੇਜਲ ਅੱਖੀਆਂ ਨਾਲ ਵਿਦਾਈ ਦੇ ਰਹੀਆਂ ਸਨ । ਅੰਤਿਮ ਰਸਮਾਂ ਹੋ ਗਈਆਂ । ਭੀਮੇ ਦੇ ਮੂੰਹ ਤੋਂ ਪੱਲਾ ਚੁੱਕਿਆ ਗਿਆ , ਫੁੱਲਾਂ ਦੇ ਹਾਰ ਪਾਏ ਗਏ , ਗੁਲ਼ਾਬ ਦੀਆਂ ਪੱਤੀਆਂ ਨਾਲ ਸਜਾਇਆ ਗਿਆ, ਪਰ ਅਫ਼ਸੋਸ ਇਸ ਚੁੱਪ ਦੇ ਵਿੱਚ ਸਭ ਤੋਂ ਵੱਡੀ ਚੁੱਪ ਧਾਰੀਂ ਪਿਆ ਸੀ ਭੀਮਾਂ । ਡੱਕੇ ਤੋੜਨ ਦੀ ਰਸਮ ਵੇਲੇ ਅਖੀਰ ਇੱਕ ਚੁੱਪ ਟੁੱਟ ਗਈ , ਜਿਸਨੇ ਮੇਰੇ ਸਮੇਤ ਸਭ ਨੂੰ ਝੰਜੋੜ ਕੇ ਰੱਖ ਦਿੱਤਾ । ਉਹ ਚੁੱਪ ਸੀ ਭੀਮੇ ਦੇ ਪਿਤਾ ਜੀ .... , ਅੱਗੇ ਵਧੇ , ਸਿਵੇ ਕੋਲ ਆਏ ਉੱਚੀ ਦੇ ਕੇ ਬੋਲੇ ;

"ਚੰਗਾਂ ਪੁੱਤ ਭੀਮੇ , ਜਾਹ !

ਜਾਹ ! ਜਾ ਕੇ , ਆਪਣੇ ਵੱਡੇ ਵਡੇਰਿਆਂ ਦੇ ਪੈਰੀ ਹੱਥ ਲਾਈਂ ,

'ਤੇ ਆਖੀਂ , ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ,

'ਤੇ ਪੁੱਤ ਇੱਕ ਬੇਨਤੀ ਕਰੀਂ ਕਿ ਸਾਡੇ ਪਿੰਡ ਦੇ ਹਰ ਜੀਅ , ਨਗਰ ਖੇੜੇ , ਡੰਗਰ ਵੱਛੇ ਦੇ ਉੱਤੇ ਮੇਹਰ ਭਰਿਆ ਹੱਥ ਰੱਖਣ ,

ਪੁੱਤ ਮੈਨੂੰ ਤੇਰੇ ਨਾਲ ਕੋਈ ਗਿਲਾ ਨਹੀਂ ,

ਹਰ ਪਿਊ ਚਾਹੂੰਦੈ ਕਿ ਤੇਰੇ ਵਰਗਾ ਪੁੱਤ ਹਰ ਘਰ 'ਚ ਹੋਵੇ ,

'ਲੋਕ ਚੰਗਿਆਂ ਨੂੰ ਹਮੇਸ਼ਾਂ ਯਾਦ ਕਰਦੇ ਨੇ , ਤੂੰ ਵੀ ਚੰਗਾ ਸੀ ਤੈਨੂੰ ਵੀ ਲੋਕੀ ਯਾਦ ਕਰਨਗੇ'

ਚੰਗਾ ਮੇਰੇ ਬੱਚੇ … ਸੱਤ.ਸ੍ਰੀ ..ਅਕਾਲ .."

ਕਹਿ ਕੇ ਬਜੁਰਗ ਭੁੱਬੀ ਰੋਇਆ , ਮੌਜੂਦਾ ਤੇ ਸਾਬਕਾ ਸਰਪੰਚ ਅਤੇ ਡੀ.ਆਈ.ਜੀ. ਸਰਦਾਰ ਪਰਮਰਾਜ ਸਿੰਘ ਉਮਰਾਨੰਗਲ ਹੋਰਾਂ ਨੇ ਬਜੁਰਗ ਨੂੰ ਫੜਕੇ , ਬਾਕੀ ਰਹਿੰਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ,ਅਸੀਂ ਸਾਰੇ ਹੱਸੂੰ ਹੱਸੂੰ ਕਰਦੇ ਭੀਮੇ ਦੇ ਭਾਰੀ ਸਰੀਰ ਨੂੰ ਮੁੱਠੀ ਭਰ ਸਵਾਹ ਬਣਨ ਦੀ ਖਾਤਿਰ ਅੱਗ ਦੀ ਭੇਂਟ ਕਰਕੇ ਪਿੰਡ ਵੱਲ ਮੁੜ ਪਏ । ਅੱਗ ਦੀਆਂ ਲਪਟਾਂ ਵੇਖ ਕੇ , ਪਿੰਡ ਵੱਲ ਝਾਤੀ ਮਾਰੀ ਤਾਂ ਹੁਣ ਸਭ ਪਾਸੇ ਚੁੱਪ ਟੁੱਟ ਚੁੱਕੀ ਸੀ ,ਸਭ ਪਾਸੇ ਰੋਣ –ਕੁਰਲਾਹਟ , ਭੁੱਬਾਂ, ਕੀਰਨੇ ਤੇ ਪਿੱਟ ਸਿਆਪਾ ਸੀ, ਸਿਵਿਆਂ ਤੱਕ ਆਏ ,ਹਰ ਇਨਸਾਨ ਦੇ ਕਦਮ ਹੌਲੀ ਹੌਲੀ ਕਰਕੇ ਗੁਰਦੁਆਰਾ ਸਾਹਿਬ ਵੱਲ ਨੂੰ ਵਧਣ ਲੱਗੇ ਸਨ । ਭਾਂਵੇਂ ਹੁਣ ਤੱਕ ਪਾਲੋ-ਪਾਲ ਰੋਂਦੀਆਂ ਅੱਖਾਂ ਵਿੱਚੋਂ ਮਣਾ ਮੂੰਹੇ ਹੰਝੂੰ ਵਗ ਗਏ ਸੀ ਫਿਰ ਵੀ ਏਧਰ ਜਿਊਂ ਜਿਊਂ ਹੰਝੂੰਆਂ ਦੇ ਹੜ੍ਹ ਵਧਦੇ ਗਏ ਤੇ ਓਧਰ ਅੱਗ ਦੀਆਂ ਲਪਟਾਂ ਵੀ ਵਧ ਦੀਆਂ ਗਈਆਂ ।

ਹੰਝੂੰ ਵਹਿੰਦੇ ਗਏ …ਤੇ ਭੀਮੇ ਦਾ ਸਿਵਾ ਬਲ਼ਦਾ ਗਿਆ ।



ਦੁੱਖੀ ਹਿਰਦੇ ਨਾਲ ;

ਹੌਬੀ ਧਾਲੀਵਾਲ ਪਟਿਆਲਾ